ਕੀ ‘ਚਾਇਲਡ ਸਪਾਂਸਰਸ਼ਿਪ’ ਪ੍ਰੋਗਰਾਮ ਦਾ ਕੋਈ ਫਾਇਦਾ ਹੈ ਜਾਂ ਪੇਸੇ ਖਰਬ ਹੀ ਹਨ?

Share this story

ਸੱਚੀ ਪੁੱਛੋ ਤਾਂ 8 ਸਾਲ ਪਹਿਲਾਂ “ਚਾਇਲਡ ਸਪਾਂਸਰਸ਼ਿਪ” ਪ੍ਰੋਗਰਾਮ ਸ਼ੁਰੂ ਕਰਨ ਲੱਗਿਆਂ ਸਾਨੂੰ ਆਪ ਵੀ ਨਹੀਂ ਸੀ ਪਤਾ ਕਿ 35 ਡਾਲਰਾਂ ਵਿਚ ਕਿੰਨੀ ਕਰਾਮਾਤ ਭਰੀ ਪਈ ਹੈ। ਕਰਨ ਅਸੀਂ ਚਾਈਡ ਸਪੌਂਸਰ ਜਾਈਦਾ ਹੈ, ਤੇ ਆਸਰਾ ਬੁੱਢੀ ਦਾਦੀ ਨੂੰ ਹੋ ਜਾਂਦਾ ਹੈ। ਪੜ੍ਹਾਈ-ਲਿਖਾਈ ਵੱਡੀ ਭੈਣ ਕਰਨ ਲੱਗਦੀ ਹੈ ਤੇ ਯਤੀਮਪੁਣਾ ਨਿੱਕਾ ਵੀਰ ਮਹਿਸੂਸ ਕਰਨੋ ਹਟ ਜਾਂਦਾ ਹੈ। ਕਿਤਾਬਾਂ-ਬਸਤੇ ਖਰੀਦ ਕੇ ਮਸਾਂ ਘਰ ਹੀ ਪਹੁੰਚਾਈਦੇ ਨੇ, ਪਰ ਛੁਟਕਾਰਾ ਦਿਸਣ ਲੱਗਦਾ ਹੈ ਮਾਨਸਿਕ ਪਰੇਸ਼ਾਨੀਆਂ ਤੋਂ । ਸੁਪਨੇ ਸੁਨਿਹਰੇ ਭਵਿੱਖ ਦੇ ਸਿਰਜੀਦੇ ਨੇ, ਤੇ ਸਦਮਾ ਮਾ-ਪਿਆਂ ਦੀ ਬੇ-ਵਕਤੀ ਮੌਤ ਦਾ ਢੈਲ਼ਾ ਪੈਣ ਲਗਦਾ ਹੈ।

ਪੱਛਮ ਵਿਚ ਬੈਠਿਆਂ ਸ਼ਾਇਦ ਸਾਨੂੰ ਅਹਿਸਾਸ ਨਹੀ ਕਿ ਸਾਡੇ 35 ਡਾਲਰਾਂ ਵਿਚ ਕਿੰਨੀ ਤਾਕਤ ਹੈ।


ਪੱਛਮ ਵਿਚ ਬੈਠਿਆਂ ਸ਼ਾਇਦ ਸਾਨੂੰ ਅਹਿਸਾਸ ਨਹੀ ਕਿ ਸਾਡੇ 35 ਡਾਲਰਾਂ ਵਿਚ ਕਿੰਨੀ ਤਾਕਤ ਹੈ। ਇਹਨਾ ਮੁਲਕਾਂ ਵਿਚ ਤਾਂ ਸਹਿਜੇ ਹੀ ਭੁਲੇਖਾ ਪੈ ਸਕਦਾ ਹੈ ਕਿ 35 ਡਾਲਰ ਮਤਲਬ, ਇੱਕ-ਦੋ ਵਕਤ ਦਾ ਖਾਣਾ, ਜਾਂ ਸ਼ਾਇਦ ਇੱਕ-ਦੋ ਦਿਨ ਦੀ ਗਰੋਸਰੀ, ਜਾਂ ਨੇੜੇ-ਤੇੜੇ ਜਾਣ ਲਈ ਟੈਕਸੀ ਦਾ ਕਿਰਾਇਆ ਜਾਂ ਪਰਿਵਾਰ ਜੋਗਾ ਪੀਜ਼ਾ। ਪਰ ਸ਼ਾਇਦ ਇਹ ਅਹਿਸਾਸ ਕਰਨਾ ਸੰਭਵ ਨਹੀਂ ਕਿ 35 ਡਾਲਰ ਬਰਾਬਰੇ ਸਿਰ ਉੱਤੇ ਛੱਤ, 35 ਡਾਲਰ ਬਰਾਬਰੇ ਮਾਂਵਾਂ ਧੀਆਂ ਦੇ ਨਹਾਉਣ ਲਈ ਓਹਲਾ, 35 ਡਾਲਰ ਬਰਾਬਰੇ ਸਾਰੇ ਪਰਿਵਾਰ ਲਈ ਮਹੀਨਾ-ਭਰ ਢਿੱਡ ਭਰ ਕੇ ਰੋਟੀ, 35 ਡਾਲਰ ਬਰਾਬਰੇ ਉਮਰ-ਭਰ ਰੋਟੀ ਜੋਗੇ ਹੋਣ ਲਈ ਬੱਚੇ ਦੀ ਪੜ੍ਹਾਈ, ਤੇ ਸਭ ਤੋਂ ਅਹਿਮ – ਇੱਜ਼ਤ ਜਾਂ ਕਹਿ ਲਓ ਕਿ ਇੱਜ਼ਤਦਾਰੀ ਲਈ ਬਣਦਾ ਰਸਤਾ।


ਪ੍ਰੋਗਰਾਮ ਦਾ ਨਾਂ ਚਾਇਲਡ ਸਪਾਂਸਰਸ਼ਿਪ ਹੈ, ਪਰ ਆਪਾਂ ਉਸ ਬੁੱਢੜੀ ਔਰਤ ਦੇ ਪੱਖ ਤੋਂ ਵੇਖੀਏ ਜਿਸਨੇ ਸਾਇਕਲ ਤੇ ਕੱਪੜਾ ਵੇਚਣ ਗਏ ਆਪਣੇ ਪਤੀ ਨੂੰ ਬੇ-ਖਬਰ ਤਿੰਨ ਦਿਨ ਉਡੀਕਿਆ। ਜਦ ਤੀਜੇ ਦਿਨ, ਬੋਰੇ ‘ਚ ਬੰਨ ਕੇ, ਸੂਏ ਵਿਚ ਸੁੱਟੀ ਹੋਈ ਲਾਸ਼ ਮਿਲੀ, ਤਾਂ ਜੀਅ ਕੀਤਾ ਹੋਵੇਗਾ ਕਿ ਨਾ ਹੀ ਪਤਾ ਲੱਗਦਾ, ਤਾਂ ਘੱਟੋ-ਘੱਟ ਉਮੀਦ ਆਸਰੇ ਹੀ ਜਿਉਂਦੀ ਰਹਿ ਜਾਂਦੀ। ਹੁਣ ਉਹ ਘਿਨਾਉਣਾ ਅੰਤ ਜਾਣ ਕੇ, ਭੁੱਲ ਸਕਣਾ ਵੀ ਅਸੰਭਵ ਤੇ ਉਸ ਯਾਦ ਨਾਲ ਜੀਅ ਸਕਣਾ ਵੀ ਅਸੰਭਵ। ਘਿਨਾਉਣੀ ਮੌਤ ਮਾਰਨ ਵਾਲਿਆਂ ਦਾ ਤਾਂ ਪਤਾ ਨਹੀਂ ਲੱਗਿਆ, ਪਰ ਇਨਾ ਕੁ ਪਤਾ ਲੱਗਾ ਕਿ ਮਾਰਨ ਵਾਲਿਆਂ ਨੇ “ਲੁੱਟਣ” ਦੇ ਮਨਸ਼ੇ ਨਾਲ ਮਾਰਿਆ ਹੈ। ਸਾਇਕਲ ਤੇ ਰੱਖ ਕੇ ਪਿੰਡਾਂ ਵਿਚ ਕੱਪੜਾ ਵੇਚਣ ਵਾਲਾ ਗੱਠੜੀ ਵਿਚ ਕਿੰਨਾ ਕੁ ਕੱਪੜਾ ਲੈ ਜਾਂਦਾ ਹੋਵੇਗਾ, ਤੇ ਕਿੰਨੇ ਕੁ ਪੈਸੇ ਕੋਲ ਰੱਖ ਸਕਦਾ ਹੋਵੇਗਾ, ਕਿ ਮਾਰਨ ਵਾਲਿਆਂ ਨੂੰ, ਅਗਲੇ ਦੇ ਸਾਰੇ ਪਰਿਵਾਰ ਨੂੰ ਲੀਹ ਤੋਂ ਲਾਹੁਣ ਲੱਗਿਆਂ ਨੂੰ, ਆਪਣੀ ਜਾਨ ਦਾ ਜੋਖ਼ਿਮ, ਫ਼ੜੇ ਜਾਣ ਦਾ ਡਰ, ਜਾਂ ਸਾਰੀ ਉਮਰ ਵੈਹਸ਼ੀਅਤ ਨਾਲ ਜੀਉਣ ਦਾ ਬੋਝ ਦੀ ਵੀ ਮਾਮੂਲੀ ਲੱਗਿਆ ਹੋਵੇਗਾ।


ਖ਼ੈਰ, ਰਵਾਇਤ ਮੁਤਾਬਿਕ ਬੁਢੜੀ ਨੇ ਆਸ ਟਿਕਾਈ ਆਪਣੇ ਜਵਾਨ ਪੁੱਤ ਤੇ ਉਸਦੇ ਬੱਚਿਆਂ ਉੱਤੇ। ਪੁੱਤ ਹੱਟੀ ਤੇ ਨੌਕਰ ਸੀ, ਨੂੰਹ ਦੇ ਕੁੱਛੜ ਸਾਲ ਦਾ ਪੋਤਰਾ ਤੇ ਦੋ ਸਾਲਾਂ ਦੀ ਪੋਤਰੀ। ਪਰ ਬਗ਼ੈਰ ਕਿਆਸੇ ਦਿਲ ਦੇ ਦੌਰੇ ਨੇ ਚੁਣ ਲਿਆ ਬੁੱਢੜੀ ਨੂੰ ਨਹੀਂ, ਸਗੋਂ ਬੁੱਢੜੀ ਦੇ 25 ਸਾਲਾ ਜਵਾਨ ਪੁੱਤ ਨੂੰ। 25 ਸਾਲਾਂ ਦੇ ਬੰਦੇ ਨੂੰ ਵੀ ਹਾਰਟ ਅਟੈਕ? ਪਰ ਹੋ ਗਿਆ ਦੱਸਦੇ ਨੇ, ਕੀ ਕਰੀਏ। ਪਰਿਵਾਰ ਵਿਚ ਰਹਿ ਗਈ ਬੁੱਢੜੀ, ਨੂੰਹ, ਤੇ ਪੋਤਾ-ਪੋਤੀ। ਪਰਿਵਾਰ ਦੇ ਸਿਰ ਤੇ ਮਾੜੀ-ਮੋਟੀ ਛੱਤ ਹੈ ਸੀ, ਪਰ ਰੋਟੀ-ਟੁੱਕ ਲਈ ਆਮਦਨ ਦਾ ਰਾਹ ਕੋਈ ਨਹੀਂ। ਮਜ਼ਦੂਰੀ ਕਰਨ ਜੋਗੀ ਬੁੱਢੜੀ ਹੈ ਨਾ ਸੀ। ਨੂੰਹ ਦੇ ਹੱਢ-ਗੋਡੇ ਭਾਰ ਝੱਲਦੇ ਸਨ, ਪਰ ਦੋ ਨਿਆਣੇ ਕੁੱਛੜ ਚੁੱਕ-ਕੇ ਮਜ਼ਦੂਰੀ ਸਾਉਖੀ ਨਹੀਂ ਸੀ। ਫੇਰ ਜਦੋਂ ਬਿਮਾਰੀ ਨਿਕਲ਼ ਆਈ ਤਾਂ ਰਹਿੰਦਾ-ਖੁੰਹਦਾ ਦਮ ਵੀ ਢਲ਼ਣ ਲੱਗਾ। ਖਰਚੇ ਦਾ ਆਸਰਾ ਫਿਰ ਸਿਰਫ਼ ਇੱਕ ਰਹਿ ਗਿਆ, ਤੇ ਉਹ ਸੀ ਕਰਜ਼ਾ। ਮਰਦਿਆਂ-ਮਰਾਉਂਦਿਆਂ ਦੇ ਪੰਜ ਸਾਲ ਬੀਤੇ, ਤੇ ਅਖ਼ੀਕ ਬੱਚਿਆਂ ਦੀ ਮਾਂ ਨੂੰ ਕੈਂਸਰ ਖਾ ਗਿਆ। ਅਜੇ ਸਾਲ ਵਾਲਾ ਛਿਆਂ ਦਾ, ਤੇ ਦੋ ਸਾਲ ਵਾਲੀ ਸੱਤਾਂ ਦੀ ਹੋਈ ਸੀ, ਪਰ ਸ਼ੁਕਰ ਕਿ ਬੱਚੇ ਹੁਣ ਕੁੱਛੜ ਵਿੱਚ ਨਹੀਂ ਸਨ। ਹੋਰ ਨਹੀਂ ਤਾਂ, ਆਪਣੇ ਹੱਥ ਨਾਲ਼ ਚੁੱਕ ਕੇ ਬੁਰਕੀ ਤਾਂ ਮੁੰਹ ਵਿਚ ਪਾਉਣ ਲੱਗ ਪਏ ਸਨ। ਪਰ ਬੁਰਕੀ ਜੋਗਾ ਅਨਾਜ ਵੀ ਭਾਲ਼ਦੇ ਸਨ, ਬੁਢੜੀ ਨੂੰ ਹੱਥਾਂ-ਪੈਰਾਂ ਦੀ ਪੈ ਗਈ।


ਕੋਈ ਸ਼ੱਕ ਨਹੀਂ ਕਿ ਆਖਿਰ ਕਦੇ ਤਾਂ ਅੱਗਲੇ ਦਿਨ ਸੁਨਿਹਰੇ ਹੋਣੇ ਸਨ। ਕੁਦਰਤ ਦਾ ਨਿਯਮ ਜੁ ਹੈ। ਰਾਤ ਤੋਂ ਮਗਰੋਂ ਦਿਨ ਚੜ੍ਹਨਾ ਹੀ ਚੜ੍ਹਨਾ ਹੈ। ਪਰ ਦਿਨ ਤੋਂ ਪਹਿਲਾਂ ਰਾਤ ਨੇ, ਅਜੇ ਹੋਰ ਗੂੜ੍ਹੀ ਹੋਣਾ ਸੀ। ਵਹੀਆਂ ਤੇ ਲਿਖੇ ਅਸਲ ਨੂੰ ਵਿਆਜ ਮਾਤ ਪਾਉਣ ਲੱਗ ਪਿਆ। ਕਰਜ਼ਾ ਲੈਣ ਵਾਲਿਆ ਦਾ ਸਬਰ ਟੁੱਟ ਗਿਆ। ਬੁੱਢੜੀ ਕੋਲ ਬਚਿਆ ਇੱਕੋ-ਇੱਕ ਆਸਰਾ, ਉਸਦਾ ਘਰ ਵੀ ਕਰਜ਼ੇ ਦੀ ਰਕਮ ਅੱਗੇ ਊਣਾ ਹੋ ਗਿਆ। ਵੇਚ ਵੱਟ ਕੇ ਮਸਾਂ ਜਾਨ ਹੀ ਬਚੀ, ਤੇ ਬੁਢੜੀ ਪੋਤੇ-ਪੋਤੀ ਨੂੰ ਲੈਕੇ, ਧੌਲ਼ੀ-ਝਾਟੀ ਪੇਕੇ ਪਿੰਡ ਜਾ ਬੈਠੀ।


ਪੇਕੇ ਪਿੰਡ ਬੁਢੜੀ ਨੂੰ ਪਛਾਣ ਸਕਣ ਵਾਲੇ ਸਿਆਣੇ ਜੀਅ ਉਮਰ ਭੋਗ ਚੁੱਕੇ ਸਨ, ਤੇ ਨਵਿਆਂ ਦੇ ਖ਼ੂਨ ਵਿੱਚ ਬੁਢੜੀ ਪ੍ਰਤੀ ਕਿਸੇ ਜ਼ਿੰਮੇਵਾਰੀ ਦੀ ਸਮਝ ਨਹੀਂ ਸੀ ਉੱਘੜ ਰਹੀ। ਪਰ ਕਿਤੇ-ਨਾ-ਕਿਤੇ ਪੰਜਾਬ ਦਾ ਪਾਣੀ ਜ਼ਰੂਰ ਰੰਗ ਵਿਖਾ ਰਿਹਾ ਸੀ। ਜਿਸਨੇ ਕਿਸੇ ਕਾਰਨ ਤਾਂ ਅਪਣੱਥ ਵਿਖਾਉਣੀ ਹੀ ਸੀ। ਆਖ਼ਿਰ ਬੁੱਢੜੀ ਨੂੰ ਇੱਕ ਕਮਰੇ ਵਿੱਚ ਦੋ ਨਿਆਣੇ ਲੈਕੇ ਪੈਣ ਜੋਗੀ ਥਾਂ ਮਿਲ ਗਈ। ਨਾਲ ਹੀ ਸਰਕਾਰੀ ਸਕੂਲ ਵਿੱਚ ਖਾਣਾ ਬਣਾਉਣ ਦੀ ਨੌਕਰੀ ਵੀ ਮਿਲ ਗਈ। ਮਹੀਨੇ ਦੇ ਭਾਂਵੇਂ 1700 ਰੁਪਏ ਹੀ ਮਿਲਦੇ ਸਨ, ਪਰ ਇੱਕ ਡੰਗ ਦਾ ਖਾਣਾ ਵੀ ਤਾਂ ਮਿਲਣ ਲੱਗ ਪਿਆ। 4-5 ਸਾਲ ਹੋਰ ਲੰਘ ਗਏ, ਪਰ ਬੁਢੜੀ ਦੇ ਸਰੀਰ ਤੋਂ ਵੀ ਪਹਿਲਾਂ ਕਮਰੇ ਦੀ ਛੱਤ ਜਵਾਬ ਦੇ ਗਈ।


ਅਜੇ ਛੱਤ ਤੋਂ ਬਗ਼ੈਰ ਕਮਰੇ ਵਿੱਚ ਬਰਸਾਤਾਂ ਤੇ ਪਾਲ਼ਾ ਕਹਿਰ ਢਾਉਣ ਦੀ ਉਡੀਕ ਵਿੱਚ ਸੀ, ਪਰ ਪਤਾ ਲੱਗਾ ਕਿ ਛੱਤ ਦਾ ਢਹਿਣਾ ਤਾਂ ਤੇਜ਼ ਰੌਸ਼ਨੀ ਦੀ ਆਮਦ ਵਾਸਤੇ ਹੋਇਆ ਹੈ। ਗੂੜ੍ਹੀ ਰਾਤ ਮਗਰੋਂ ਚਿੱਟਾ ਦਿਨ ਜੁ ਚੜ੍ਹਨਾ ਸੀ, ਤੇ ਸਚੀ, ਉਹ ਆਣ ਵੀ ਚੜ੍ਹਿਆ। ਸੈਫ਼ ਇੰਟਰਨੈਸ਼ਨਲ ਸੰਸਥਾ ਨਾਲ਼ ਪਰਿਵਾਰ ਦਾ ਰਾਬਤਾ ਹੋ ਗਿਆ। ਫ਼ੀਲਡ ਵਿੱਚ ਟੀਮ ਨੇ “ਚਾਇਲਡ ਸਪਾਂਸਰਸ਼ਿਪ” ਪ੍ਰੋਗਰਾਮ ਲਈ ਬੁਢੜੀ ਦੇ ਪੋਤੇ-ਪੋਤੀ ਨੂੰ ਆਈਡੈਂਟੀਫ਼ਾਈ ਕਰ ਲਿਆ। 35 ਡਾਲਰਾਂ ਦੀ ਕਰਾਮਾਤ ਵਰਤਣ ਲੱਗੀ। ਪੈਂਤੀ ਦੇਣ ਗਿਆਂ ਕੋਲੋਂ ਬੱਚਿਆਂ ਦੀ ਪੜ੍ਹਾਈ ਦੇ ਨਾਲ਼-ਨਾਲ਼ ਸਿਰ ਤੇ ਛੱਤ ਦੀ ਲੋੜ ਕੋਈ ਲੁਕੀ ਨਹੀਂ ਸੀ। ਪਹਿਲਾਂ ਤਾਂ ਕਮਰੇ ਨੂੰ ਮੁੜ੍ਹ ਤੋਂ ਰਹਿਣ ਯੋਗ ਕਰਵਾਇਆ ਗਿਆ, ਨਾਲ ਹੀ ਖੁੱਲੇ ਪਾਖਾਨੇ ਨੂੰ ਇੱਜ਼ਤਦਾਰ ਹਾਲਤ ਵਿੱਚ ਲਿਆਂਦਾ ਗਿਆ। ਹੋਰ ਮੁੱਢਲਾ ਨਿੱਕ-ਸੁੱਕ ਕਰਕੇ, ਬੱਚਿਆਂ ਨੂੰ ਚੰਗੇ ਸਕੂਲ ਵਿੱਚ ਦਾਖਿਲ ਕਰਵਾ ਦਿੱਤਾ। ਖਰਚਾ ਚੁੱਕਣ ਨੂੰ ਤਾਂ ਸੈਫ਼ ਸੰਸਥਾ ਦੇ ਸਪੋਰਟਰਜ਼, ਤੁਹਾਡੇ ਵਰਗੇ ਦਾਨੀ-ਸੱਝਣ ਹਾਜ਼ਿਰ ਹੀ ਸਨ। ਨਾਲ਼ ਹੀ ਸੋਨੇ ਤੇ ਸੁਹਾਗਾ ਹੋਰ ਹੋ ਗਿਆ, ਜਦੋਂ ਸੰਸਥਾ ਦੇ ਮੁੱਖ ਸੇਵਾਦਾਰ ਸ਼ਮਨਦੀਪ ਸਿੰਘ ਨੇ ਆਪ ਜਾਕੇ ਵੀ ਪਰਿਵਾਰ ਨੂੰ ਹੱਲਾ-ਸ਼ੇਰੀ ਦਿੱਤੀ, ਤੇ ਸਮੇ-ਸਮੇਂ ਤੇ ਫੋਨ ਰਾਹੀਂ ਕਾਉਂਸਲੰਿਗ ਕਰਕੇ ਬੱਚਿਆਂ ਨੂੰ ਰਾਹ ਵਿਖਾਏ।


ਨਤੀਜੇ ਵਜੋਂ, ਮਹਿਕਪ੍ਰੀਤ ਕੌਰ ਤਗੜੀ ਹੋਕੇ ਬਾਰ੍ਹਵੀਂ ਜਮਾਤ ਪਾਸ ਕਰ ਗਈ, ਤੇ ਹੁਣ ਬੀ. ਐੱਸ. ਸੀ. – ਮੈਡੀਕਲ ਲੈਬ ਟੈਕਨੀਸ਼ੀਅਨ ਕੋਰਸ ਮੁਕਾਉਣ ਕੰਢੇ ਹੈ। ਹੁਣ ਤਾਂ ਬੱਸ ਉਤਸ਼ਾਹ ਨੂੰ ਸਾਂਭਣਾ ਹੀ ਆਉਖਾ ਰਹਿ ਗਿਆ ਹੈ ਕਿ ਆਉਂਦੇ ਵਰ੍ਹੇ ਵਿੱਚ ਮਹਿਕਪ੍ਰੀਤ ਕੌਰ ਕਿਸੇ ਚੰਗੇ ਹਸਪਤਾਲ ਵਿੱਚ ਕੰਮ ਕੁਰਿਆ ਕਰੇਗੀ, ਤੇ ਆਪਣੇ ਪੈਰਾਂ ਤੇ ਖੜੀ ਹੋ ਜਾਵੇਗੀ। ਬੁਢੜੀ ਕਹਿੰਦੀ ਹੈ ਕਿ ਤਕਲੀਫ਼ਾਂ ਦੀਆਂ ਕਹਾਣੀਆਂ ਤਾਂ ਭਾਂਵੇਂ ਜਿੰਨੀਆਂ ਮਰਜ਼ੀ ਸੁਣ ਲਓ, ਪਰ ਸੈਫ਼ ਵਾਲਿਆਂ ਕਰਕੇ ਅੱਗੇ ਨੂੰ ਅਰਾਮ ਹੈ।

Involvement from people like you can create many more stories like this.

Check out our options for making a difference today.