04
October
ਜਿਸ ਨੂੰ ਪੰਜਾਬ ਪਰਤਣਾ ਤਰੱਕੀ ਮਹਿਸੂਸ ਹੋ ਰਿਹਾ ਹੈ…!
ਇਹ ਖ਼ਾਸ ਮੁਲਾਕਾਤ ਉਸ ਸ਼ਖ਼ਸ ਨਾਲ਼ ਹੈ ਜੋ ਗਿਆਰਾਂ ਸਾਲਾਂ ਦੀ ਉਮਰ ਵਿੱਚ ਕਨੇਡਾ ਆ ਗਿਆ ਸੀ, ਤੇ ਅਜੇ ਵੀ ਉਮਰ ਪੱਖੋਂ ਆਪਣੇ ਤੀਹਵਿਆਂ ਵਿੱਚ ਹੀ ਹੈ। ਸੁਲ਼ਝਿਆ ਪਰਿਵਾਰ, ਘਰ-ਬਾਹਰ, ਕਾਰੋਬਾਰ, ਗੱਲ ਕੀ ਸਭ ਕੁੱਝ ਵਧੀਆ ਹੁੰਦੇ ਹੋਏ ਵੀ ਮੁੜ੍ਹ ਤੋਂ ਪੰਜਾਬ ਵਾਪਸੀ ਦੀ ਤਿਆਰੀ ਹੈ। ਜਦ ਪੁੱਛਿਆ ਪਈ ਕਿਉਂ? ਅਖੇ, “ਹੋਰ ਤਰੱਕੀ ਜੁ ਕਰਨੀ ਹੈ”। ਭਲਾ ਚੰਗਾ-ਭਲਾ ਘਰ-ਘਾਟ, ਕਾਰੋਬਾਰ ਅਤੇ ਕਨੇਡਾ ਛੱਡ ਕੇ ਮੁੜ੍ਹ ਤੋਂ ਪੰਜਾਬ ਚਲੇ ਜਾਣਾ, ਤਰੱਕੀ ਕਿਵੇਂ ਹੋਇਆ? ਇਹ ਜਾਨਣ ਲਈ ਆਓ ਕਰਦੇ ਹਾਂ ਅੱਜ ਦੇ ਮਹਿਮਾਨ, ਭਾਈ ਸ਼ਮਨਦੀਪ ਸਿੰਘ ਜੀ ਨਾਲ਼ ਗੱਲ-ਬਾਤ:
ਸਵਾਲ: ਸਭ ਕੁੱਝ ਕਮਾ-ਬਣਾ ਕੇ, ਹਾਸਿਲ ਕਰਕੇ, ਤੇ ਫ਼ੇਰ ਛੱਡ-ਛਡਾ ਕੇ ਵਾਪਿਸ ਪੰਜਾਬ ਪਰਤਣਾ? ਉਹ ਵੀ ਆਪਣੀ ਮਰਜ਼ੀ ਨਾਲ਼, ਖ਼ੁਸ਼ੀ ਨਾਲ਼, ਇਸ ਬਾਰੇ ਥੋੜਾ ਹੋਰ ਚਾਨਣਾ ਪਾਓ।
ਜਵਾਬ: ਖੇਡ ਕਰਤੇ ਦੀ ਹੈ, ਹੁਕਮ ਅਕਾਲ ਪੁਰਖ ਦਾ ਹੈ, ਸੋਝੀ ਅਤੇ ਸਿਦਕ ਗੁਰੂ ਨੇ ਬਖਸ਼ਿਆ ਹੈ। ਮੈ ਤਾਂ ਸਿਰਫ਼ ਅਨੰਦ ਮਾਣ ਰਿਹਾ ਹਾਂ ਇਸ ਸਫ਼ਰ ਦਾ, ਕਰ ਕੁੱਝ ਨਹੀਂ ਰਿਹਾ।
ਸਵਾਲ: ਬਿਨਾ ਸ਼ੱਕ ਇਹ ਤੁਹਾਡਾ ਨਿਜੀ ਅਨੁਭਵ ਹੈ, ਪਰ ਸਰੋਤਿਆਂ ਅਤੇ ਪਾਠਕਾਂ ਲਈ, ਵਾਰਤਾਲਾਪ ਦੇ ਸ਼ਬਦਾਂ ਵਿੱਚ ਬਿਆਨ ਕਰਨ ਦੀ ਗ਼ੁਜ਼ਾਰਿਸ਼ ਹੈ। ਮੇਰਾ ਸਵਾਲ ਦੁਹਰਾਇਆ ਜਾਣੋ।
ਜਵਾਬ: ਦਰਅਸਲ ਮੈਂ ਪੰਜਾਬ ਜਾ ਕੇ ਰਹਿਣ ਨੂੰ ਪਿਛਾਂਹ ਮੁੜਨਾ ਨਹੀਂ ਸਮਝਦਾ, ਮੈਂ ਇਸਨੂੰ ਅੱਗੇ ਵਧਣਾ ਮਹਿਸੂਸ ਕਰਦਾ ਹਾਂ।
ਸਵਾਲ: ਮਤਲਬ।
ਜਵਾਬ: ਜ਼ਰਾ ਸੋਚੋ, ਪਈ ਇਹ ਕੰਟਰੀਆਂ ਵਿੱਚ ਰਹਿਣ-ਖਾਣ ਜੋਗੇ ਸਾਧਨ ਤਾਂ ਆਪਾਂ ਸਾਰੇ ਹੀ ਮਿਹਨਤੀ ਲੋਕ, ਇੱਕ-ਦੋ ਦਹਾਕਿਆਂ ਵਿੱਚ ਬਿਨਾ ਸ਼ੱਕ ਬਣਾ ਹੀ ਲੈਂਦੇ ਹਾਂ। ਪਰ ਫ਼ਿਰ ਉਸ ਤੋਂ ਅੱਗੇ ਕੀ ਹੈ? ਰਹਿਣ ਲਈ ਵੀ ਇੱਕ ਸੀਮਿਤ ਥਾਂ ਦੀ ਹੀ ਲੋੜ ਹੁੰਦੀ ਹੈ ਅਤੇ ਖਾਧਾ-ਪੀਤਾ ਵੀ ਉਨਾ ਕੁ ਹੀ ਜਾ ਸਕਦਾ ਹੈ। ਪਰ ਅੱਗੇ ਵਧਣ ਦੇ ਨਾਂ ਤੇ, ਜਾਂ ਤਾਂ ਦੁੱਗਣੇ-ਚੌਗੁਣੇ ਕਰਨ ਦੀ, ਟਰੈਡਮਿੱਲ (ਕਸਰਤ ਵਜੋਂ ਭੱਜਣ ਵਾਲ਼ੀ ਮਸ਼ੀਨ) ਵਾਲ਼ੀ ਦੌੜ ਵਿੱਚ ਪਿਆ ਜਾ ਸਕਦਾ ਹੈ, ਜਿਹਦੇ ਉੱਤੇ ਥੱਕੀ ਭਾਂਵੇਂ ਜਿੰਨਾ ਮਰਜ਼ੀ ਜਾਓ, ਪਰ ਪਹੁੰਚਾਂਗੇ ਕਿਤੇ ਵੀ ਨਹੀਂ। ਮੀਟਰ ਭਾਂਵੇਂ ਮੀਲਾਂ ਦੀ ਦੌੜ ਲਾ ਦਿੱਤੀ ਵਿਖਾਈ ਜਾਵੇ, ਪਰ ਆਪਾਂ ਖਲੋਤੇ ਬੇਸਮੈਂਟ ਵਿੱਚ ਹੀ ਹੋਵਾਂਗੇ। ਜਾਂ ਫ਼ਿਰ ਜ਼ਮੀਨ ਤੇ ਚੱਲਿਆ ਜਾ ਸਕਦਾ ਹੈ, ਕੁਦਰਤ ਦੇ ਪਸਾਰੇ ਵਿੱਚ ਵਿੱਚਰਿਆ ਜਾ ਸਕਦਾ ਹੈ, ਜੋ ਨਿਆਮਤਾਂ ਸਤਿਗੁਰੂ ਜੀ ਨੇ ਸਾਨੂੰ ਬਖਸ਼ੀਆਂ ਹਨ ਉਹ ਹੁਣ ਹੋਰਾਂ ਨਾਲ਼ ਵੰਡਾਈਆਂ ਜਾ ਸਕਦੀਆਂ ਹਨ। ਮੇਰੀ ਜਾਚੇ, ਦੂਜਾ ਰਸਤਾ ਅਗਾਂਹ ਵਧਣ ਦਾ ਹੈ, ਤਰੱਕੀ ਦਾ ਹੈ। ਸੋ ਮੈਂ ਉਹ ਮਾਣ ਰਿਹਾ ਹਾਂ।
ਸਵਾਲ: ਪੰਜਾਬ ਹੀ ਕਿਉਂ?
ਜਵਾਬ: ਸਾਡੇ ਗੁਰੂਆਂ ਦੀ ਧਰਤੀ ਹੈ, ਸਾਡੀ ਧਰਤੀ ਹੈ। ਸਾਡਾ ਹਰਿਮੰਦਰ ਸਾਹਿਬ ਉੱਥੇ ਹੈ, ਸਾਡਾ ਦਿੱਲ ਉਥੇ ਹੈ।
ਸਵਾਲ: ਗਿਆਰਾਂ ਸਾਲਾਂ ਦੀ ਉਮਰ ਵਿੱਚ ਕਨੇਡਾ ਆ ਗਿਆ ਬੱਚਾ, ਗੁਰੂਆਂ ਦੀ ਧਰਤੀ ਨਾਲ਼, ਇਦਾਂ ਦਾ ਸੰਬੰਧ ਕਿਵੇਂ ਮਹਿਸੂਸ ਕਰ ਸਕਦਾ ਹੈ?
ਜਵਾਬ: ਸੰਬੰਧ ਗੁਰੂ ਨਾਲ਼ ਬਣਦਾ ਹੈ, ਫਿਰ ਗੁਰੂ ਨਾਲ਼ ਜੁੜੀ ਹਰ ਚੀਜ਼ ਨਾਲ਼। ਇਸ ਵਿੱਚ ਗੁਰੂਆਂ ਦੀ ਧਰਤੀ ਤੇ ਬਿਤਾਏ ਗਿਆਰਾਂ ਸਾਲਾਂ ਦੀ ਵੀ ਲੋੜ ਨਹੀਂ ਹੁੰਦੀ। ਸਿਰਫ਼ ਗੁਰੂ ਨਾਲ਼ ਸੰਬੰਧ ਹੀ ਬਥੇਰਾ ਹੈ। ਮੈਨੂੰ ਖ਼ੁਸ਼ੀ ਹੈ ਇਹ ਦੱਸਦਿਆਂ ਕਿ ਮੇਰੇ ਸੰਪਰਕ ਵਿੱਚ ਕਈ ਬੱਚੇ ਜਾਂ ਲੋਕ ਕਹਿ ਲਓ, ਐਸੇ ਵੀ ਆਏ ਜਿਹੜੇ ਜੰਮੇ ਹੀ ਵਿਦੇਸ਼ਾਂ ਵਿੱਚ ਹਨ। ਪਰ ਉਹਨਾ ਵਿੱਚ ਗੁਰੂਆਂ ਦੀ ਧਰਤੀ ਨਾਲ਼ ਪਿਆਰ ਅਤੇ ਖਿੱਚ ਵੀ ਉਨੀ ਹੀ ਹੈ, ਜਿੰਨੀ ਕਿ ਮੈਂ ਮਹਿਸੂਸ ਕਰਦਾ ਹਾਂ। ਸਾਡੇ ਵਿੱਚ ਇੱਕੋ ਗੱਲ ਸਾਂਝੀ ਹੈ, ਗੁਰੂ। ਬਾਕੀ ਸਭ ਕੁੱਝ ਆਪੇ ਜੁੜਦਾ ਜਾਂਦਾ ਹੈ।
ਸਵਾਲ: ਪਰ ਕਨੇਡਾ ਦੇ ਸਿਸਟਮ ਅਤੇ ਸਹੂਲਤਾਂ ਵਿੱਚ ਉਮਰ ਗ਼ੁਜ਼ਾਰਨ ਤੋਂ ਬਾਅਦ, ਪੰਜਾਬ ਜਾਂ ਭਾਰਤ ਵਿੱਚ ਰਹਿਣਾ ਆਉਖਾ ਨਹੀਂ ਲੱਗੇਗਾ।
ਜਵਾਬ: ਵੈੱਲ, ਲੈਟਸ ਫ਼ੇਸ ਇੱਟ, ਇੱਟ ਇਜ਼ ਵੱਟ ਇੱਟ ਇਜ਼। ਉਹ ਜੋ ਵੀ ਹੈ, ਹੈ ਤਾਂ ਸਾਡਾ। ਜੇ ਉੱਥੇ ਊਣਤਾਈਆਂ ਨੇ, ਤਾਂ ਆਪਾਂ ਇੱਥੋਂ ਜੋ ਵੀ ਚੰਗਾ ਸਿੱਖਿਆ ਹੈ, ਉਹ ਆਪਾਂ ਉਥੇ ਲਿਜਾ ਸਕਦੇ ਹਾਂ। ਸ਼ਾਇਦ ਆਪਾਂ ਨੂੰ ਕੁਦਰਤ ਨੇ ਇੱਥੇ ਲਿਆਂਦਾ ਹੀ ਇਸੇ ਕਰਕੇ ਸੀ ਕਿ ਆਪਾਂ ਇੱਥੋਂ ਚੰਗੀਆਂ ਗੱਲਾਂ ਲਿਜਾ ਕੇ ਆਪਣੇ ਲੋਕਾਂ ਨਾਲ਼ ਉਥੇ ਵੀ ਸਾਂਝੀਆਂ ਕਰੀਏ।
ਸਵਾਲ: ਤੁਸੀਂ ਪਿਛਲੇ 7 ਸਾਲਾਂ ਤੋਂ ਉੱਥੋਂ ਦੇ ਸੈਂਕੜੇ ਹੀ ਗ਼ਰੀਬ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਦੇ ਰਹੇ ਹੋ। ਤੁਸੀਂ ਆਪਣੀ ਬਣਾਈ ਹੋਈ ਸੰਸਥਾ ਦੁਆਰਾ ਲੋੜਵੰਦਾਂ ਦੇ ਘਰ ਬਣਾਉਣ ਵਿੱਚ ਮਦਦ ਕਰਦੇ ਹੋ, ਲੋਕਾਂ ਨੂੰ ਰੋਜ਼ੀ-ਰੋਟੀ ਕਮਾਉਣ ਦੇ ਸਾਧਨ, ਪਿੰਡਾਂ ਵਿੱਚ ਖੇਡ ਦੇ ਮੈਦਾਨ, ਸਕੂਲ ਅਤੇ ਹੋਰ ਕਈ ਕੁੱਝ ਕਰਦੇ ਹੋ। ਸਗੋਂ ਇਕੱਲੇ ਪੰਜਾਬ ਵਿੱਚ ਹੀ ਨਹੀਂ, ਪੰਜਾਬ ਤੋਂ ਬਾਹਰ ਵੀ ਅਤੇ ਖ਼ਾਸ ਕਰਕੇ ਸਿਕਲੀਗਰ ਸਿੱਖਾਂ ਲਈ ਬਹੁਤ ਕੰਮ ਕਰਦੇ ਹੋ। ਪਰ ਹੁਣ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਲੈਕੇ ਉੱਥੇ ਰਹਿਣ ਲਈ ਹੀ ਚਲੇ ਜਾਣਾ, ਇਸ ਤੋਂ ਕੀ ਸਮਝਿਆ ਜਾਵੇ?
ਜਵਾਬ: ਪਿਛਲੇ ਸੱਤ ਸਾਲਾਂ ਤੋਂ ਆਪਣੀ ਸੰਸਥਾ ਦੇ ਜ਼ਿਆਦਾਤਰ ਕਾਰਜ, ਆਪਣੀ ਪੰਜਾਬ ਵਾਲ਼ੀ ਟੀਮ ਹੀ ਸਾਂਭ ਰਹੀ ਸੀ। ਮੈ ਹਰ ਸਾਲ ਲਗਾਤਾਰ ਆ-ਜਾ ਕੇ ਦੋਹਵੇਂ ਪਾਸੇ ਕੰਮ ਕਰਦਾ ਰਹਿੰਦਾ ਸੀ। ਪਰ ਹੁਣ ਸੰਸਥਾ ਦਾ ਕਾਰਜ ਖੇਤਰ ਪੰਜਾਬ ਤੋਂ ਸ਼ੁਰੂ ਹੋਕੇ, ਤਕਰੀਬਨ ਭਾਰਤ ਭਰ ਵਿੱਚ ਫ਼ੈਲ ਗਿਆ ਹੈ ਤੇ ਇੱਕ ਦਫ਼ਤਰ ਨੇਪਾਲ ਵਿੱਚ ਵੀ ਸ਼ੁਰੂ ਹੋ ਰਿਹਾ ਹੈ। ਦੂਜਾ, ਅਸੀਂ ਜੋ ਸਿਕਲੀਗਰ ਸਿੱਖਾਂ ਵਾਸਤੇ ਕੰਮ ਕਰ ਰਹੇ ਸੀ, ਉਹ ਵੀ ਤਕਰੀਬਨ ਕਈ ਗੁਣਾਂ ਵੱਡਾ ਹੋ ਗਿਆ ਹੈ। ਮੇਰੀ ਸਰਪ੍ਰਸਤੀ ਦੀ ਹੁਣ ਉਥੇ ਹੋਰ ਵੀ ਵੱਧ ਲੋੜ ਹੈ। ਪਰ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਪਿੱਛੇ ਛੱਡ ਕੇ ਸਾਰਾ ਸਮਾਂ ਸੇਵਾ ਕਾਰਜਾਂ ਵਿੱਚ ਲਾਉਣਾ ਵੀ ਕਿਤੇ ਨਾ ਕਿਤੇ ਗ਼ੈਰ ਮੁਨਾਸਿਬ ਲਗਦਾ ਸੀ। ਫਿਰ ਸੁੱਝਿਆ ਪਈ ਮੈ ਆਪਣੇ ਉਥੋਂ ਵਾਲ਼ੇ ਪਰਿਵਾਰ ਦੇ ਹਜ਼ਾਰਾਂ-ਲੱਖਾਂ ਨੂੰ ਤਾਂ ਇੱਥੇ ਨਹੀਂ ਲਿਆ ਸਕਦਾ, ਇਸ ਲਈ ਇਥੋਂ ਵਾਲ਼ੇ ਪਰਿਵਾਰ ਦੇ ਦੋ-ਚਾਰਾਂ ਨੂੰ ਤਾਂ ਉਥੇ ਲਿਜਾ ਹੀ ਸਕਦਾ ਹਾਂ। ਸੋ ਇਸ ਵਾਰੀ ਬੱਚੇ ਵੀ ਨਾਲ਼ ਹੀ ਜਾ ਰਹੇ ਹਨ।
ਸਵਾਲ: ਤੁਸੀਂ ਤਾਂ ਸੇਵਾ ਕਰਨ ਦੇ ਜਜ਼ਬੇ ਕਰਕੇ ਮੰਨਿਆ ਕਿ ਕਿਸੇ ਔਖ-ਸੌਖ ਦੀ ਪ੍ਰਵਾਹ ਨਾ ਕਰੋਗੇ, ਪਰ ਬੱਚਿਆਂ ਉੱਤੇ ਇੰਨੀ ਵੱਡੀ ਤਬਦੀਲੀ ਦਾ ਕੀ ਅਸਰ ਹੋਵੇਗਾ?
ਜਵਾਬ: ਅਗਾਂਹ ਕੀ ਹੋਵੇਗਾ ਇਹ ਤਾਂ ਮਾਲਿਕ ਆਪ ਹੀ ਜਾਣੇ, ਪਰ ਹੁਣ ਤੱਕ ਤਾਂ ਪਰਿਵਾਰ-ਬੱਚੇ ਸਬ ਇਹੋ ਹੀ ਚਾਹੁੰਦੇ ਨੇ। ਦਰਅਸਲ, ਬੱਚਿਆਂ ਨੇ ਜਨਮ ਤੋਂ ਹੀ ਮੈਨੂੰ ਸੰਸਥਾ ਦੁਆਰਾ ਸੇਵਾ ਕਾਰਜ ਕਰਦੇ ਵੇਖਿਆ ਹੈ। ਉਹਨਾ ਤੇ ਸ਼ੁਰੂ ਤੋਂ ਹੀ ਸੇਵਾ-ਭਾਵਨਾ ਦਾ ਪ੍ਰਭਾਵ ਰਿਹਾ ਹੈ, ਉਹਨਾ ਦੀਆਂ ਤਾਂ ਖੇਡਾਂ ਵੀ ਸਤਿਸੰਗਤ ਕਰਨੀ, ਅਤੇ ਸੇਵਾ ਕਰਨੀ ਹੀ ਰਹੇ ਨੇ। ਸ਼ਾਇਦ ਇਸੇ ਕਰਕੇ, ਉਹ ਮੇਰੇ ਨਾਲ਼ੋਂ ਵੀ ਕਾਹਲ਼ੇ ਜਾਪਦੇ ਨੇ।
ਸਵਾਲ: ਹੁਣ ਤੱਕ ਤੁਸੀਂ ਵੰਡਵਾਂ ਸਮਾਂ ਕਨੇਡਾ ਵਿੱਚ ਰਹਿ ਕੇ, ਸੰਸਥਾ ਲਈ ਫ਼ੰਡਜ਼ ਰੇਜ਼ ਅਤੇ ਡੋਨਰਜ਼ ਰਿਲੇਸ਼ਨਜ਼ ਦਾ ਕੰਮ ਕਰਦੇ ਰਹੇ ਹੋ। ਪਰ ਹੁਣ ਤਕਰੀਬਨ ਪੱਕੇ ਤੌਰ ਤੇ ਹੀ ਆਪ ਫ਼ੀਲਡ ਵਿੱਚ ਚਲੇ ਜਾਣ ਨਾਲ਼ ਤੁਹਾਡੇ ਕੈਨੇਡਾ ਵਿਚਲੇ ਡੋਨੇਸ਼ਨਜ਼ ਜੋ ਕਿ ਤੁਹਾਡੇ ਸੇਵਾ ਕਾਰਜਾਂ ਲਈ ਰੀਡ ਦੀ ਹੱਡੀ ਹਨ, ਇਸ ਉੱਤੇ ਅਸਰ ਨਹੀਂ ਪਵੇਗਾ?
ਜਵਾਬ: ਇਹ ਤਾਂ ਜੀ ਪਰਮੇਸ਼ਵਰ ਦੇ ਆਪਣੇ ਕਾਰਜ ਨੇ, ਡੋਨੇਸ਼ਨ ਵੀ ਪਰਮੇਸ਼ਵਰ ਆਪੇ ਹੀ ਘੱਲੀ ਜਾਂਦਾ ਹੈ। ਐਂਵੇਂ ਦੇਖਣ ਨੂੰ ਹੀ ਲਗਦਾ ਹੈ ਕਿ ਡੋਨੇਸ਼ਨ ਮੇਰੇ ਕੀਤਿਆਂ ਇਕੱਠੀ ਹੁੰਦੀ ਹੈ, ਪਹਿਲਾਂ ਵੀ ਵਾਹਿਗੁਰੂ ਆਪ ਹੀ ਕਰਵਾਉਂਦਾ ਸੀ, ਅਗਾਂਹ ਵੀ ਵਾਹਿਗੁਰੂ ਨੇ ਆਪ ਹੀ ਕਰੀ-ਕੁਰੀ ਜਾਣਾ ਹੈ।
ਸਵਾਲ: ਇਹ ਤੁਹਾਡਾ ਭਰੋਸਾ ਹੈ, ਔਰ ਬਿਨਾ ਸ਼ੱਕ ਸੱਚ ਵੀ ਇਹੋ ਹੈ। ਪਰ ਸਾਧਾਰਨ ਨਜ਼ਰੀਏ ਤੋਂ ਗੱਲ ਕਰੀਏ, ਤਾਂ ਸਪੌਂਸਰਜ਼-ਡੋਨਰਜ਼ ਤਾਂ ਤੁਹਾਨੂੰ ਹੀ ਜਾਣਦੇ ਨੇ। ਫਿਰ ਤੁਹਾਡੀ ਸੰਸਥਾ ਦੇ ਕੈਨੇਡਾ ਆਫ਼ਿਸ ਵਿੱਚੋਂ ਤੁਹਾਡੀ ਗ਼ੈਰ-ਮੌਜੂਦਗੀ ਨਾਲ਼ ਡੋਨੇਸ਼ਨਜ਼ ਆਉਣ ਤੇ ਵੀ ਅਸਰ ਪੈ ਸਕਦਾ ਹੈ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ?
ਜਵਾਬ: ਮੈਨੂੰ ਲੱਗਦਾ ਹੈ ਕਿ ਸਪੌਂਸਰਜ਼ ਜਾਂ ਡੋਨਰਜ਼ ਦਰਅਸਲ ਹੋ ਰਹੇ ਕੰਮਾਂ ਤੇ ਯਕੀਨ ਵੱਧ ਕਰਦੇ ਨੇ। ਆਪਣੀ ਸੰਸਥਾ ਪਿਛਲੇ ਸੱਲ ਸਾਲਾਂ ਤੋਂ ਇਕੱਲੇ ਪੰਜਾਬ ਦੇ ਹੀ ਕਰੀਬ 185 ਪਿੰਡਾਂ ਵਿੱਚ ਬੱਚੇ ਪੜ੍ਹਾ ਰਹੀ ਹੈ। ਸਾਡੇ ਸਪੌਂਸਰਜ਼ ਨੂੰ ਪਤਾ ਹੈ ਕਿ ਉਹਨਾ ਦਾ ਸਪੌਂਸਰ ਕੀਤਾ ਹੋਇਆ ਬੱਚਾ ਪੜ੍ਹ ਰਿਹਾ ਹੈ। ਸਪੌਂਸਰਜ਼ ਜਦ ਪੰਜਾਬ ਜਾਂਦੇ ਨੇ ਤਾਂ ਸਾਡੀ ਇੰਡੀਆ ਟੀਮ ਉਹਨਾ ਨੂੰ ਬਾਕਾਇਦਾ ਬੱਚਿਆਂ ਦੇ ਘਰ ਲਿਜਾ ਕੇ ਬੱਚਿਆਂ ਨਾਲ਼ ਮਿਲਵਾ ਕੇ ਲਿਆਉਂਦੀ ਹੈ। ਸਪੌਂਸਰਜ਼ ਬੱਚਿਆਂ ਨਾਲ਼ ਆਪ ਵੀ ਪੱਤਰ-ਵਿਵਹਾਰ ਕਰਦੇ ਰਹਿੰਦੇ ਹਨ। ਇਦਾਂ ਹੀ ਜੇ ਸੰਸਥਾ ਨੇ ਕਿਸੇ ਦਾ ਘਰ ਬਣਵਾ ਕੇ ਦਿੱਤਾ, ਜਾਂ ਪਾਣੀ ਦੀ ਕਿੱਲਤ ਵਾਲ਼ੇ ਇਲਾਕਿਆਂ ਵਿੱਚ ਬੋਰ ਕਰਵਾ ਕੇ ਦਿੱਤਾ ਤਾਂ ਡੋਨਰਜ਼ ਉਹਨਾਂ ਪਿੰਡਾਂ-ਥਾਂਵਾਂ ਵਿੱਚ ਜਾਕੇ ਦੇਖ ਸਕਦੇ ਨੇ ਤੇ ਬਹੁਤ ਡੋਨਰਜ਼ ਵੇਖਦੇ ਵੀ ਨੇ। ਡੋਨਰਜ਼ ਦੀ ਤਸੱਲੀ ਹੁੰਦੀ ਹੈ ਕਿ ਸੰਸਥਾ ਉਹਨਾ ਦਾ ਦਿੱਤਾ ਹੋਇਆ ਦਾਨ ਪੂਰੀ ਜ਼ਿੰਮੇਵਾਰੀ ਨਾਲ਼ ਢੁਕਵੀਂ ਥਾਂ ਤੇ ਲਾਉਂਦੀ ਹੈ। ਮੇਰੇ ਆਪ ਫ਼ੀਲਡ ਵਿੱਚ ਚਲੇ ਜਾਣ ਨਾਲ਼ ਸੰਸਥਾ ਹੋਰ ਵੀ ਵੱਡੇ ਕਾਰਜ ਕਰ ਸਕੇਗੀ, ਤੇ ਸਪੌਂਸਰਜ਼ ਸਗੋਂ ਹੋਰ ਵੀ ਖ਼ੁਸ਼ ਨੇ। ਬਾਕੀ ਆਪਣਾ ਧਿਆਨ ਸੇਵਾ ਕਰਨ ਉੱਤੇ ਹੈ, ਸਹਿਯੋਗ ਹਮੇਸ਼ਾਂ ਸੰਗਤ ਨੇ ਦਿੱਤਾ ਹੀ ਹੈ। ਸੰਗਤ ਦੀ ਖ਼ੂਸ਼ੀ ਹੈ। ਜਿੰਨੀ-ਜਿੰਨੀ ਸੇਵਾ ਸੰਗਤ ਕਰਵਾਉਂਦੀ ਚੱਲੇਗੀ, ਆਪਾਂ ਕਰੀ ਚੱਲਾਂਗੇ।
ਸਵਾਲ: ਸ਼ਮਨਦੀਪ ਜੀ! ਤੁਹਾਨੂੰ ਸ਼ਾਇਦ ਵਿਸ਼ੇਸ਼ ਨਾ ਲੱਗੇ ਪਰ ਇਹ ਨਜ਼ਰੀਆ ਕਾਫ਼ੀ ਸੁਲ਼ਝਿਆ ਹੈ। ਜਾਂ ਕਹਿ ਲਉ ਕਿ ਸਿਆਣੀ ਉਮਰ ਵਾਲ਼ਾ ਹੈ, ਪਰ ਤੁਸੀਂ ਮਸਾਂ ਉਮਰ ਦੇ ਤਿਹਵਿਆਂ ਵਿੱਚ ਹੋ। 7-8 ਸਾਲ ਪਹਿਲਾਂ ਜਦੋਂ ਤੁਸੀਂ ਇਹ ਸੰਸਥਾ ਸ਼ੁਰੂ ਕੀਤੀ ਸੀ, ਉਦੋਂ ਤਾਂ ਤੁਸੀਂ ਹੋਰ ਵੀ ਛੋਟੀ ਉਮਰ ਦੇ ਸੀ। ਪਰ ਏਨੀ ਸਪਸ਼ਟਤਾ, ਏਨੀ ਛੋਟੀ ਉਮਰੇ ਆਉਣਾ, ਇਹ ਸਬੱਬ ਕਿਵੇਂ ਬਣਿਆ?
ਜਵਾਬ: ਮੈ ਕਦੇ ਬਹੁਤਾ ਹਿਸਾਬ-ਕਿਤਾਬ ਤਾਂ ਨਹੀਂ ਕੀਤਾ ਕਿ ਉਮਰ ਕੀ ਹੈ, ਸਮਝ ਕਿੰਨੀ ਕੁ ਹੈ ਜਾਂ ਕਿੰਨਾ ਕੁ ਸੁਲ਼ਝਾ ਹੈ। ਪਰ ਇਨਾ ਜ਼ਰੂਰ ਪਤਾ ਹੈ ਕਿ ਗੁਰੂ ਵਾਲ਼ੇ ਹੋ ਜਾਣ ਤੋਂ ਬਾਅਦ ਤੋਂ ਹੀ, ਜੀਵਨ ਸਫ਼ਰ ਸੌਖਾਲ਼ਾ ਜਿਹਾ ਹੋਣ ਲੱਗ ਪਿਆ ਸੀ। ਬੇ-ਲੋੜੀਆਂ ਚੀਜ਼ਾਂ, ਬੇ-ਲੋੜੇ ਵੀਚਾਰ ਅਤੇ ਵਾਧੂ ਦਾ ਖਿਲਾਰਾ ਛੁੱਟਣ ਜਿਹਾ ਲੱਗ ਪਿਆ ਸੀ। ਆਪਣੇ-ਆਪ ਵਿੱਚ ਅਨੰਦ ਬਣਨ ਲੱਗ ਪਿਆ ਸੀ। ਜੇ ਕੁੱਝ ਕਰਨ ਦੀ ਚਾਹ ਬਚੀ ਸੀ ਤਾਂ ਹੋਰਾਂ ਵਾਸਤੇ। ਆਲ਼ਾ-ਦੁਆਲ਼ਾ ਵੇਖਿਆ ਤਾਂ ਬਹੁਤਿਆਂ ਕੋਲ਼ ਜੀਵਨ ਦੀਆਂ ਮੂਲ ਲੋੜਾਂ ਪੂਰੀਆਂ ਕਰਨ ਦੇ ਸਾਧਨ ਵੀ ਨਹੀਂ ਦਿਸੇ, ਫੇਰ ਆਪਣੇ-ਸਾਧਨਾਂ ਨੂੰ ਦੂਣੇ-ਚੌਣੇ ਕਰੀ ਜਾਣਾ, ਜਾਂ ਆਪਣੀਆਂ ਲੋੜਾਂ ਤੋਂ ਵੀ ਦੂਣਾ-ਚੌਣਾ ਖਾਈ-ਹੰਢਾਈ ਜਾਣਾ, ਇਸ ਤੋਂ ਖਹਿੜਾ ਛੁੱਟਦਾ ਜਿਹਾ ਗਿਆ ਅਤੇ ਸੰਗਤ ਦੇ ਸਹਿਯੋਗ ਅਤੇ ਆਪਣੀ ਕਮਾਈ ਦੇ ਦਸਵੰਦ ਜਾਂ ਹੋਰ ਜਿੰਨਾ ਕੁ ਵੀ ਸਤਿਗੁਰੂ ਜੀ ਕਿਰਪਾ ਕਰਕੇ ਕਢਵਾਉਂਦੇ ਰਹੇ, ਉਨੇ ਕੁ ਨਾਲ਼ ਹੀ ਲੋੜਵੰਦਾਂ ਤੱਕ ਪਹੁੰਚ ਕਰਨ ਲੱਗ ਪਏ, ਤੇ ਅਗਾਂਹ ਵੀ ਪਹੁੰਚਾਈ ਜਾਂਦੇ ਹਾਂ। ਇਨਾਂ ਕੁ ਹੀ ਸਫ਼ਰ ਹੈ ਤੇ ਇਨਾ ਕੁ ਹੀ ਸਬੱਬ ਕਹਿ ਲਓ।
ਸਵਾਲ: ਵਾਧੂ ਖਿਲਾਰੇ ਤੋਂ ਪਰਹੇਜ਼ ਤੁਹਾਡਾ ਬਹੁਤ ਸਾਰੇ ਹੋਰ ਮੁੱਦਿਆਂ ਤੋਂ ਵੀ ਨਜ਼ਰ ਆਉਂਦਾ ਹੈ। ਤੁਹਨੂੰ ਕਦੇ ਕਿਸੇ ਪੋਲੀਟੀਕਲ ਮਸਲੇ ਉੱਤੇ ਬੋਲ਼ਦੇ ਨਹੀਂ ਸੁਣਿਆ, ਕਦੀ ਕਿਸੇ ਕੌਨਟ੍ਰੋਵਰਸੀਅਲ ਬਿਆਨ ਦਿੰਦੇ ਨਹੀਂ ਦੇਖਿਆ, ਕਿਸੇ ਨਾਲ਼ ਮਿਹਣੋ-ਮਿਹਣੀ ਹੁੰਦੇ ਨਹੀਂ ਦੇਖਿਆ। ਕੀ ਇਹਦਾ ਕੋਈ ਵਿਸ਼ੇਸ਼ ਕਾਰਨ ਹੈ ਜਾਂ ਤੁਸੀਂ ਉਹਨਾ ਮਸਲਿਆਂ ਨੂੰ ਅਹਿਮ ਨਹੀਂ ਮੰਨਦੇ?
ਜਵਾਬ: ਹਰ ਗੱਲ, ਹਰ ਮਸਲਾ ਆਪਣੇ-ਆਪ ਵਿੱਚ ਅਹਿਮ ਹੀ ਹੁੰਦਾ ਹੈ। ਪਰ ਹਰ ਕੋਈ ਹਰ ਮਸਲੇ ਵਾਸਤੇ ਨਹੀਂ ਬਣਿਆ ਹੁੰਦਾ। ਮੇਰੀ ਥਾਂ ਕੀ ਹੈ, ਮੈਨੂੰ ਵਾਹਿਗੁਰੂ ਨੇ ਕਿਹੜੀ ਸੇਵਾ ਬਖਸ਼ੀ ਹੈ, ਮੇਰੀ ਜ਼ਿੰਮੇਵਾਰੀ, ਮੇਰੇ ਹਿੱਸੇ ਆਈ ਹੋਈ ਸੇਵਾ ਨੂੰ ਪੂਰੀ ਤਨ-ਦੇਹੀ ਨਾਲ਼ ਨਿਭਾਉਣ ਦੀ ਹੈ, ਤੇ ਵਾਹਿਗੁਰੂ ਜੀ ਆਪਣੀ ਸੇਵਾ ਆਪ ਲਈ ਜਾ ਰਹੇ ਹਨ। ਮੇਰਾ ਫ਼ਿਕਰ ਸਿਰਫ਼ ਇਨਾ ਕੁ ਹੈ ਕਿ ਮੈ ਕਿਧਰੇ ਆਪਣੇ ਰਸਤੇ ਤੋਂ ਅਵੇਸਲਾ ਨਾ ਹੋ ਜਾਵਾਂ। ਇਸ ਵਾਸਤੇ ਮੇਰਾ ਪੂਰਾ ਸਮਾਂ ਅਤੇ ਧਿਆਨ ਸੰਸਥਾ ਦੁਆਰਾ ਕੀਤੇ ਜਾ ਰਹੇ ਕਾਰਜ ਖੇਤਰਾਂ ਵਿੱਚ ਹੀ ਸਮਰਪਿਤ ਹੈ। ਬਾਕੀ ਖੇਤਰਾਂ ਵਿੱਚ ਜਿਸ-ਜਿਸ ਤੋਂ ਵਾਹਿਗੁਰੂ ਜੀ ਸੇਵਾ ਲੈ ਰਹੇ ਹਨ, ਉਹ ਉਹਨਾ ਨੂੰ ਮੁਬਾਰਿਕ ਹੈ ਅਤੇ ਮੇਰੀਆਂ ਸ਼ੁੱਭ ਇੱਛਾਵਾਂ ਸਭ ਦੇ ਨਾਲ਼ ਹਨ।
ਸਵਾਲ: ਸੋ ਮੋਟੇ ਤੌਰ ਤੇ ਤੁਸੀਂ ਗ਼ਰੀਬਾਂ ਦੇ ਬੱਚਿਆਂ ਨੂੰ ਪੜ੍ਹਾਉਣ, ਲੋੜਵੰਦਾਂ ਦੇ ਘਰ-ਘਾਟ ਬਣਵਾਉਣ, ਜਾਂ ਰੋਜ਼ਗਾਰ ਚਲਵਾਉਣ ਆਦਿ ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਤਰ੍ਹਾਂ ਗ਼ਰੀਬੀ ਖ਼ਤਮ ਕਰ ਸਕੋਗੇ?
ਜਵਾਬ: ਭਗਤ ਪੂਰਨ ਸਿੰਘ ਜੀ ਹੁਣਾਂ ਦਾ ਜ਼ਿਕਰ ਆਉਂਦਾ ਹੈ ਕਿ ਆਮ ਤੁਰੇ ਜਾਂਦਿਆਂ ਵੀ ਰਾਹ ਵਿੱਚੋਂ ਪਲਾਸਟਿਕ ਦੇ ਲਿਫ਼ਾਫ਼ੇ ਇਕੱਠੇ ਕਰੀ ਜਾਣਾ, ਤੇ ਲਿਆਕੇ ਕਿਸੇ ਢੁਕਵੀਂ ਥਾਂ ਤੇ ਸੁੱਟ ਦੇਣੇ। ਜਾਂ ਕਿਸੇ ਵੇਲ਼ੇ ਰਾਹ ਵਿੱਚੋਂ ਲਿੱਧ ਹੀ ਚੁੱਕ ਲਿਆਉਣੀ ਤੇ ਕਿਸੇ ਬੂਟੇ ਨੂੰ ਪਾ ਦੇਣੀ। ਕਿਸੇ ਨੇ ਪੁੱਛ ਲਿਆ ਪਈ ਭਲਾ ਏਦਾਂ ਗੰਦਗੀ ਮੁੱਕ ਜਾਊ? ਭਗਤ ਜੀ ਕਹਿੰਦੇ ਪਈ ਮੇਰਾ ਜ਼ਿੰਮਾ ਸਾਰੀ ਗੰਦਗੀ ਮਿਟਾਉਣ ਦਾ ਨਹੀਂ ਹੈ, ਸਿਰਫ਼ ਆਪਣੇ ਰਾਹ ਵਿੱਚ ਆਈ ਜਾਂ ਆਪਣੀ ਵਾਹ ਲੱਗਦੀ ਯੋਗ ਮਿਟਾਉਣ ਦਾ ਜ਼ਰੂਰ ਹੈ। ਬਸ ਐਸੀਆਂ ਪੁੱਗੀਆਂ ਰੂਹਾਂ ਤੋਂ ਪ੍ਰੇਰਣਾ ਲੈਕੇ, ਕਿਣਕਾ ਕੁ ਮਾਤਰ ਆਪਾਂ ਵੀ ਕਰੀ ਜਾਨੇ ਆਂ।
ਸਵਾਲ: ਤੁਹਾਡਾ ਜਜ਼ਬਾ ਤੁਹਾਡੀ ਤਾਕਤ ਹੈ, ਪਰ ਫ਼ੇਰ ਵੀ ਸਾਡੇ ਕੁੱਝ ਪਾਠਕ ਜ਼ਰੂਰ ਜਾਨਣਾ ਚਾਹੁਣਗੇ ਕਿ ਤੁਸੀਂ ਕਨੇਡਾ ਵਿਚਲੀ ਸਫ਼ਲ ਅਤੇ ਆਰਾਮ-ਦਾਇਕ ਜ਼ਿੰਦਗੀ ਛੱਡਕੇ ਭਾਰਤ ਜਾ ਰਹੇ ਹੋ, ਤੇ ਖ਼ਾਸ ਕਰਕੇ ਸਿਕਲੀਗਰ ਸਿੱਖਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਕੰਮ ਕਰਨ ਜਾ ਰਹੇ ਹੋ। ਜੰਗਲ-ਬੇਲੇ, ਕੱਚੇ ਰਸਤੇ, ਪੀਣ ਨੂੰ ਸਾਫ਼ ਪਾਣੀ ਵੀ ਨਹੀਂ, ਕੀ ਕੋਈ ਖ਼ਾਸ ਨੁਕਤਾ ਹੈ ਇਸ ਲਈ ਹਿੰਮਤ ਜੁਟਾਉਣ ਦਾ?
ਜਵਾਬ: ਮੇਰਾ iਖ਼ਆਲ ਹੈ ਕਿ ਸਾਡੇ ਵਾਸਤੇ, ਮਤਲਬ ਸਿੱਖਾਂ ਵਾਸਤੇ ਇਹ ਸਭ ਕੁੱਝ ਵੀ ਸਾਉਖਾ ਹੀ ਹੈ। ਆਪਣਾ ਤਾਂ ਜਨਮ ਹੀ ਦੁਨੀਆਂ ਨੂੰ ਬਿਹਤਰ ਥਾਂ ਬਣਾਉਣ ਲਈ ਹੋਇਆ ਹੈ। ਮਾੜਾ ਜਿਹਾ ਭਾਂਵੇਂ ਆਪਣੇ ਇਤਿਹਾਸ ਤੋਂ ਹੀ ਸਬਕ ਲੈ ਲਈਏ। ਹੁਣ ਤਾਂ ਆਪਣੇ ਸਿਰਾਂ ਦੇ ਵੀ ਮੁੱਲ ਨਹੀਂ ਰੱਖੇ ਹੋਏ, ਸ਼ਹਾਦਤਾਂ ਦੇਣ ਦੀ ਵੀ ਲੋੜ ਨਹੀਂ ਪੈਣੀ। ਕਿਸੇ ਗ਼ਰੀਬ ਦਾ ਬੱਚਾ ਪੜ੍ਹਾ ਦੇਣ ਲਈ ਕੋਈ ਬਹੁਤੀ ਵੱਡੀ ਹਿੰੰੰੰਮਤ ਦੀ ਲੋੜ ਨਹੀਂ। ਜਾਂ ਕਿਸੇ ਰੀਮੋਟ ਇਲਾਕੇ ਵਿੱਚ ਜਾ ਕੇ, ਕਿਸੇ ਸਿਕਲੀਗਰਾਂ ਦੇ ਪਿੰਡ ਵਿੱਚ ਘਰ ਬਣਵਾ ਦੇਣ ਲਈ ਕਿਤੇ ਜਾਨ ਦੀ ਬਾਜ਼ੀ ਨਹੀਂ ਲਾਉਣੀ ਪੈਣੀ। ਆਪਾਂ ਇਥੇ ਵੀ ਤਾਂ ਕੈਂਪਿੰਗ ਕਰਨ ਚਲੇ ਹੀ ਜਾਈਦਾ ਹੈ, ਉਥੇ ਕੈਂਪਿੰਗ ਥੋੜੀ ਲੰਮੀ ਸਹੀ। ਫਿਰ ਦੂਰ ਜਾਣ ਦੀ ਵੀ ਲੋੜ ਨਹੀਂ, ਆਪਾਂ ਪਹਿਲਾਂ ਆਪਣਿਆਂ ਨੂੰ ਤਾਂ ਰੋਟੀ ਜੋਗੇ ਕਰ ਲਈਏ। ਆਪਣੇ ਤਾਂ ਪੰਜਾਬ ਵਿੱਚ ਹੀ ਕਿਸਾਨ ਖ਼ੁਦਕੁਸ਼ੀਆਂ ਕਰਨ ਤੇ ਮਜਬੂਰ ਹੋਈ ਜਾਂਦੇ ਨੇ। ਜੇ ਘਰੋਂ ਨਹੀਂ ਵੀ ਨਿਕਲ਼ ਸਕਦੇ, ਤਾਂ ਆਪੋ-ਆਪਣੀ ਥਾਂ ਤੋਂ ਹੀ ਜਿੰਨਾ ਹੋ ਸਕੇ ਹੰਭਲਾ ਮਾਰੀ ਜਾਈਏ। ਸਾਡੀ ਪਾਈ ਇੱਕ-ਇੱਕ ਬੁੰਦ ਵੀ ਉਹਨਾ ਦਾ ਪੂਰਾ ਘੜਾ ਭਰ ਸਕਦੀ ਹੈ। ਆਪਣਾ ਘਰ ਸਾਂਭਣ ਦਾ ਅਹਿਸਾਸ ਹੀ, ਹਿੰਮਤ ਬਣ ਜਾਂਦਾ ਹੈ।
—————— 0 ——————
More Stories
The Kissan Morcha and The Noble Harminder Singh
In December of 2020, Harminder Singh was returning home...
A Little Canadian NGO Doing Big Things
“Never doubt that a small group of thoughtful, committed, citizens can change the world. Indeed, it is the only thing…
Canadian Visits Sponsored Child in India
Jaspreet’s journey to India Jaspreet Kaur has been a child sponsor with SAF for over a year, to an 11-year-old…